ਰਾਗਮਾਲਾ

ਕਿੱਸਾ ਮਾਧਵ ਨਲ ਕਾਮ ਕੰਦਲਾ

ਵਿਸ਼ਲੇਸ਼ਣ

ਰਾਗਮਾਲਾ ਦਾ ਅਰਥ ਹੈ-ਰਾਗਾਂ ਦੀ ਮਾਲਾ, ਰਾਗਾਂ ਦੀ ਲੜੀ, ਰਾਗਾਂ ਦੀ ਸੂਚੀ, ਰਾਗਾਂ ਦੀ ਲਿਸਟ।

ਕਈ ਸੰਗੀਤ-ਆਚਾਰੀਆ ਹੋਏ ਹਨ, ਜਿਨ੍ਹਾਂ ਨੇ ਆਪਣੇ ਆਪਣੇ ਤਰੀਕੇ ਨਾਲ ਰਾਗਾਂ ਦੀ ਵੰਡ ਕੀਤੀ ਹੈ, ਜੋ ਆਪੋ ਵਿੱਚ ਪੂਰੀ ਤਰ੍ਹਾਂ ਨਹੀਂ ਮਿਲਦੀ। ਹਰ ਤਰੀਕਾ ਜੁਦਾ ਜੁਦਾ ਮੱਤ ਅਖਵਾਉਂਦਾ ਹੈ। ਪ੍ਰਸਿੱਧ ਮੱਤ ਇਹ ਹਨ:

  1. ਸ਼ਿਵ ਮੱਤ
    • ਇਸ ਵਿੱਚ ਰਾਗ 6 ਹੀ ਹਨ। ਸਿਰੀ ਰਾਗ ਪਹਿਲਾ ਹੈ, ਭੈਰਵ ਤੇ ਮੇਘ ਰਾਗ ਵੀ ਹਨ, ਪਰ ਤਿੰਨ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅੰਤਲੀ ਰਾਗਮਾਲਾ ਨਾਲ ਨਹੀਂ ਮਿਲਦੇ। ਹਰੇਕ ਰਾਗ ਦੀਆਂ ਸਿਰਫ਼ ਵਹੁਟੀਆਂ ਹੀ ਦਿੱਤੀਆਂ ਹੋਈਆਂ ਹਨ ਅਤੇ ਦਿੱਤੀਆਂ ਵੀ 6-6 ਹਨ। ਇਸ ਮੱਤ ਦੀਆਂ ਦੋ ਰਾਗਮਾਲਾਂ ਹਨ, ਪਰ ਉਹ ਵੀ ਆਪੋ ਵਿੱਚ ਨਹੀਂ ਮਿਲਦੀਆਂ।
  2. ਕਾਲੀਨਾਥ ਮੱਤ ਜਾਂ ਕ੍ਰਿਸ਼ਨ ਮੱਤ
    • ਇਸ ਮੱਤ ਦੀ ਇਕ ਰਾਗਮਾਲਾ ਹੈ। ਇਸ ਦੇ 6 ਰਾਗ ਤਾਂ ਸ਼ਿਵ ਮੱਤ ਅਨੁਸਾਰ ਹੀ ਹਨ। ਵਹੁਟੀਆਂ ਵੀ ਹਰੇਕ ਦੀਆਂ 6-6 ਹੀ ਹਨ, ਪਰ ਸਾਰੀਆਂ ਦੇ ਨਾਉਂ ਸ਼ਿਵ ਮੱਤ ਵਾਲੀਆਂ ਨਾਲ ਨਹੀਂ ਮਿਲਦੇ।
  3. ਭਰਤ ਮੱਤ
    • ਬੈਜੂ ਬਾਵਰਾ ਤੇ ਤਾਨਸੈਨ ਇਸ ਮੱਤ ਦੇ ਹੀ ਮਸ਼ਹੂਰ ਗਾਇਕ ਤੇ ਵਜੰਤ੍ਰੀ ਸਨ। ਇਸ ਮੱਤ ਦੀ ਵੀ ਇਕ ਰਾਗਮਾਲਾ ਹੈ। 6 ਰਾਗਾਂ ਦਾ ਕ੍ਰਮ ਤੇ ਨਾਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅੰਤਲੀ ਰਾਗਮਾਲਾ ਵਾਲੇ ਹੀ ਹਨ। ਹਰੇਕ ਦੀਆਂ ਵਹੁਟੀਆਂ ਵੀ ਪੰਜ ਪੰਜ ਹਨ ਅਤੇ ਪੁੱਤਰ ਵੀ ਅੱਠ ਅੱਠ ਹੀ ਹਨ, ਪਰ ਕਈ ਨਾਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅੰਤਲੀ ਰਾਗਮਾਲਾ ਤੋਂ ਵੱਖਰੇ ਹਨ। ਵਾਧਾ ਇਹ ਹੈ ਕਿ ਹਰੇਕ ਰਾਗ ਦੀਆਂ ਅੱਠ ਅੱਠ ਨੂਹਾਂ ਵੀ ਦਿੱਤੀਆਂ ਹੋਈਆਂ ਹਨ।
  4. ਹਨੂਮਾਨ ਮੱਤ
    • ਇਸ ਮੱਤ ਦੀਆਂ ਪੰਜ ਰਾਗਮਾਲਾਂ ਹਨ, 6 ਰਾਗਾਂ ਦਾ ਕ੍ਰਮ ਤੇ ਨਾਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਤਲੀ ਰਾਗਮਾਲਾ ਵਾਲੇ ਹੀ ਹਨ। ਹਰੇਕ ਦੀਆਂ ਵਹੁਟੀਆਂ ਵੀ ਪੰਜ ਪੰਜ ਤੇ ਪੁੱਤ ਵੀ ਅੱਠ ਅੱਠ ਹੀ ਹਨ, ਪਰ ਕਈ ਨਾਉਂ ਉਸ ਤੋਂ ਵੱਖਰੇ ਹਨ। ਇਕ ਰਾਗਮਾਲਾ ਵਿੱਚ ਅੱਠ ਅੱਠ ਨੂੰਹਾਂ ਵੀ ਦਿੱਤੀਆਂ ਹੋਈਆਂ ਹਨ, ਬਲਕਿ ਇਸ ਵਿੱਚ ਸ੍ਰੀ ਰਾਗ ਦੇ ਪੁੱਤ ਤੇ ਨੂੰਹਾਂ ਨੌਂ ਨੌਂ ਹਨ। ਇਕ ਦੂਜੀ ਰਾਗਮਾਲਾ ਵਿੱਚ ਭੈਰਵ ਦੀਆਂ ਤਿੰਨ, ਮੇਘ ਰਾਗ ਦੀਆਂ ਸੱਤ ਤੇ ਬਾਕੀ ਰਾਗਾਂ ਦੀਆਂ ਪੰਜ ਪੰਜ ਧੀਆਂ ਵੀ ਦਿੱਤੀਆਂ ਹੋਈਆਂ ਹਨ।
  5. ਸਿਧ ਸਾਰਸਵੱਤ ਮੱਤ
    • ਇਸ ਦੀ ਇਕ ਰਾਗਮਾਲਾ ਹੈ, ਜਿਸ ਵਿੱਚ ਸੱਤ ਰਾਗ ਹਨ, ਜਿਨ੍ਹਾਂ ਵਿੱਚ ਬਸੰਤ ਰਾਗ ਵੀ ਸੱਤਵੇਂ ਨੰਬਰ 'ਤੇ ਗਿਣਿਆ ਗਿਆ ਹੈ। ਪਹਿਲੇ 6 ਰਾਗਾਂ ਦੀ ਤਰਤੀਬ ਤੇ ਨਾਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅੰਤਲੀ ਰਾਗਮਾਲਾ ਵਾਲੇ ਹੀ ਹਨ। ਹਰੇਕ ਦੀਆਂ ਪੰਜ ਪੰਜ ਹੀ ਵਹੁਟੀਆਂ ਹਨ। ਹਾਂ, ਬਸੰਤ ਰਾਗ ਦੀਆਂ ਸੱਤ ਹਨ। ਸਾਰੇ ਰਾਗਾਂ ਦੀਆਂ ਵਹੁਟੀਆਂ ਦੇ ਕਈ ਨਾਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅੰਤਲੀ ਰਾਗਮਾਲਾ ਨਾਲੋਂ ਵੱਖਰੇ ਹਨ।
  6. ਰਾਗਾਰਣਵ ਮੱਤ
    • ਇਸ ਦੀ ਇਕ ਰਾਗਮਾਲਾ ਹੈ। ਰਾਗ ਤਾਂ 6 ਹੀ ਹਨ, ਪਰ ਭੈਰਵ ਤੇ ਮਾਲਕੌਂਸ ਤੋਂ ਬਿਨਾਂ ਚਾਰ ਰਾਗ ਹੋਰ ਸਾਰੇ ਮੱਤਾਂ ਦੀਆਂ ਰਾਗਮਾਲਾ ਨਾਲੋਂ ਜੁਦਾ ਹਨ। ਵਹੁਟੀਆਂ ਹਰੇਕ ਦੀਆਂ ਪੰਜ ਪੰਜ ਹੀ ਹਨ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅੰਤਲੀ ਰਾਗਮਾਲਾ ਨਾਲੋਂ ਵੱਖਰੀਆਂ ਹਨ।

ਸੰਗੀਤ ਮੱਤ ਤਾਂ ਹੋਰ ਵੀ ਹਨ, ਜਿਵੇਂ ਸੋਮਨਾਥ ਮੱਤ, ਮਤੰਗ ਮੱਤ, ਪਾਸਟਿਕ ਮੱਤ, ਸਾਰੰਗ ਦੇਵ ਮੱਤ, ਕਸ਼ਿਅਪ ਮੱਤ, ਭਾਵ ਭੱਟ ਮੱਤ, ਸੰਗੀਤ ਰਤਨਾਕਰ ਮੱਤ, ਆਦਿਕ; ਪਰ ਇਨ੍ਹਾਂ ਦੀਆਂ ਰਾਗਮਾਲਾਂ ਵਿੱਚ ਰਾਗਾਂ ਦੀ ਵੰਡ ਗਭਰੂਆਂ, ਵਹੁਟੀਆਂ, ਪੁੱਤਾਂ, ਧੀਆਂ ਤੇ ਨੂੰਹਾਂ ਅਨੁਸਾਰ ਨਹੀਂ।

ਉਪਰਲੀ ਵਿਚਾਰ ਤੋਂ ਪਤਾ ਲੱਗਦਾ ਹੈ ਕਿ ਸੰਗੀਤ ਮੱਤਾਂ ਦੀਆਂ ਰਾਗਮਾਲਾਂ ਜੁਦਾ ਜੁਦਾ ਹਨ। ਇਕ ਰਾਗਮਾਲਾ ਵਿੱਚ ਜੋ ਕਿਸੇ ਰਾਗ ਦੀ ਵਹੁਟੀ ਹੈ, ਉਹੀ ਕਿਸੇ ਦੂਜੀ ਰਾਗਮਾਲਾ ਵਿੱਚ ਕਿਸੇ ਹੋਰ ਗਗ ਦਾ ਪੁੱਤ ਹੈ, ਉਹ ਕਿਸੇ ਤੀਜੀ ਰਾਗਮਾਲਾ ਵਿੱਚ ਕਿਸੇ ਹੋਰ ਰਾਗ ਦੀ ਧੀ ਹੈ ਅਤੇ ਉਹੀ ਚੌਥੀ ਰਾਗਮਾਲਾ ਵਿੱਚ ਕਿਸੇ ਹੋਰ ਰਾਗ ਦੀ ਨੂੰਹ ਹੈ। ਸੋ ਇਹ ਰਾਗਮਾਲਾ ਸਿਰਫ਼ ਸੰਗੀਤਕਾਰਾਂ ਦੀ ਸੁਵਿਧਾ ਲਈ ਹੀ ਹਨ ਅਤੇ ਇਨ੍ਹਾਂ ਤੋਂ ਇਹੀ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਸੁਰ ਪਰਿਵਰਤਣ ਨਾਲ ਅੱਗੇ ਤੋਂ ਅੱਗੇ ਰਾਗ ਬਣਦੇ ਹਨ ਅਤੇ ਕਿਵੇਂ ਮਿਲਦੀਆਂ ਸੁਰਾਂ ਵਾਲੇ ਰਾਗ ਇਕ ਪਰਿਵਾਰ ਦੇ ਮੰਨੇ ਗਏ ਹਨ।

ਰਾਗ ਜੀਵ ਨਹੀਂ ਹਨ ਕਿ ਇਨ੍ਹਾਂ ਦੇ ਪਤੀ, ਪਤਨੀਆਂ, ਪੁੱਤ, ਧੀਆਂ ਤੇ ਨੂੰਹਾਂ ਹੋਣ। ਰਾਗਾਂ ਦੇ ਸਰੂਪ ਤੇ ਭੇਸ ਸੰਗੀਤ-ਆਚਾਰੀਆਂ ਦੀ ਮਨੋ-ਕਲਪਨਾ ਹੈ। ਨਾ ਹੀ ਰਾਗਾਂ ਦੀ ਗਿਣਤੀ ਸਿਰਫ 84 ਜਾਂ 132 ਜਾਂ 180 ਹੈ?। ਇਹ ਤਾਂ ਸਦਾ ਵੱਧਦੀ ਆਈ ਹੈ ਅਤੇ ਵੱਧਦੀ ਰਹੇਗੀ। ਰਾਗ ਰਾਗਣੀਆਂ ਦੇ ਪਰਿਵਾਰਾਂ ਦਾ ਅੰਤ ਨਹੀਂ ਅਤੇ ਉਨ੍ਹਾਂ ਰਾਹੀਂ ਵਾਹਿਗੁਰੂ ਦੀ ਸਿਫ਼ਤ-ਸਾਲਾਹ ਕਰਨ ਵਾਲਿਆਂ ਦਾ ਵੀ ਅੰਤ ਨਹੀਂ।

ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,ਅੰਗ ੮

ਆਉ, ਹੁਣ ਵਿਚਾਰ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅੰਤਲੀ ਰਾਗਮਾਲਾ 'ਤੇ।

ਜਿਵੇਂ ਪਿਛੇ ਪੜ੍ਹ ਆਏ ਹਾਂ ਕਿ ਕੰਦਲਾ ਕਸ਼ਮੀਰ ਦੀ ਇਕ ਗਾਇਕਾ ਨਾਚੀ ਸੀ ਤੇ ਮਾਧਵਾਨਲ ਉਸ ਦਾ ਪ੍ਰੇਮੀ। ਕਥਾ ਅਨੁਸਾਰ ਕਾਮ ਕੰਦਲਾ 84 ਰਾਗ ਗਾਉਂਦੀ ਸੀ। ਇਨ੍ਹਾ ਦਾ ਪ੍ਰੇਮ-ਕਿੱਸਾ ਆਲਮ ਕਵੀ ਨੇ ਪੁਰਾਣੀਆਂ ਲਿਖਤਾਂ ਦੇ ਆਧਾਰ 'ਤੇ ਹਿੰਦੀ ਵਿੱਚ 991 ਹਿਜਰੀ, 1640 ਬਿਕ੍ਰਮੀ, 1583 ਈਸਵੀ ਵਿੱਚ ਲਿਖਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਬੱਝਣ ਤੋਂ 21 ਸਾਲ ਪਹਿਲਾਂ। ਉਨ੍ਹਾਂ ਹੀ 84 ਰਾਗਾਂ ਦੀ ਰਾਗਮਾਲਾ ਮਾਧਵਾ ਨਲ ਗ੍ਰੰਥ ਵਿੱਚ ਸੀ।

ਆਲਮ ਕਵੀ ਨੇ ਇਉਂ ਲਿਖਿਆ ਹੈ:

ਸੰਨ ਨੌ ਸੌ ਏਕਾਨਵਾ ਆਹੀ।

ਆਲਮ ਕਵੀ ਇਹ ਵੀ ਲਿਖਦਾ ਹੈ:

ਕਥਾ ਸੰਸਕ੍ਰਿਤ ਸੁਨੀ ਕਛੁ ਥੋਰੀ।
ਭਾਖਾ ਬਾਂਧ ਚੌਪਈ ਜੋਰੀ।
ਕਛੁ ਅਪਨੀ ਕਛੁ ਪਰ-ਕ੍ਰਿਤ ਚੋਰੋਂ,
ਯਥਾ-ਸ਼ਕਤਿ ਕਰਿ ਅਕਸ਼ਰ ਜੋਰੋਂ।

ਹਿੰਦੀ ਅਨੁਵਾਦ ਦੇ ਗੁਰਮੁਖੀ ਲਿਪੀ ਵਿੱਚ ਹੋਏ ਉਤਾਰੇ ਹਿੰਦੀ ਨਾਲੋਂ ਕੁਝ ਫਰਕ ਪਾ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅੰਤਲੀ ਰਾਗਮਾਲਾ ਆਲਮ ਕਵੀ ਦੇ ਮਾਧਵਾ ਨਲ ਵਾਲੀ ਰਾਗਮਾਲਾ ਨਾਲ ਭਾਵੇਂ ਪੂਰੀ ਤਰ੍ਹਾਂ ਨਹੀਂ ਮਿਲਦੀ, ਪਰ ਬਹੁਤ ਜ਼ਿਆਦਾ ਮਿਲਦੀ ਹੈ। ਹਿੰਦੀ ਨੁਸਖੇ ਵਿੱਚ ਕੁਝ ਨਾਵਾਂ ਦਾ ਫ਼ਰਕ ਹੈ। ਜਿਵੇਂ 'ਅਸਲੇਖੀ' ਦੀ ਥਾਂ 'ਆਸਾਲੋਭੀ' ਤੇ 'ਚੰਦ੍ਰਬਿੰਬ' ਦੀ ਥਾਂ 'ਚੰਦ੍ਰਗ੍ਰਸਨ' ਹੈ । 'ਵਿਹੰਗ' ਤੇ 'ਹਰਯਾਵਲ' ਆਦਿਕ ਨਵੇਂ ਨਾਉਂ ਵੀ ਹਨ।

ਸਭ ਤੋਂ ਪਹਿਲਾਂ ਕਵੀ-ਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ:

ਰਾਗਮਾਲ ਸ਼੍ਰੀ ਗੁਰ ਕ੍ਰਿਤ ਨਹਿਂ

ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ ੩, ਅੰਸੂ ੪੮

ਹੋਰ ਬਹੁਤ ਸਾਰੇ ਵਿਦਿਵਾਨ ਜਿਵੇਂ ਕਿ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਜੀ ਨਾਭਾ, ਭਾਈ ਸਾਹਿਬ ਰਣਧੀਰ ਸਿੰਘ ਜੀ ਅਤੇ ਗੁਰਬਾਣੀ ਪਾਠ ਦਰਪਣ ਦੇ ਰਚੇਤਾ ਪ੍ਰੋ: ਸਾਹਿਬ ਸਿੰਘ ਜੀ ਵੀ ਇਹੀ ਨਿਸਚਾ ਰੱਖਦੇ ਸਨ।

'ਸਿੱਖ ਰਹਿਤ ਮਰਯਾਦਾ' ਦੀ ਪਹਿਲੀ ਐਡੀਸ਼ਨ (1938) ਵਿੱਚ ਲਿਖਿਆ ਗਿਆ ਸੀ:

ਭੋਗ ਮੁੰਦਾਵਣੀ ਉੱਤੇ ਪਾਇਆ ਜਾਵੇ ਅਤੇ ਰਾਗਮਾਲਾ ਨਾ ਪੜ੍ਹੀ ਜਾਵੇ, ਪਰ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ, ਕਿਉਂਕਿ ਇਸ ਗੱਲ ਬਾਰੇ ਪੰਥ ਵਿੱਚ ਅਜੇ ਤੱਕ ਮਤਭੇਦ ਹੈ।

ਪਰ ਪਿੱਛੋਂ ਦੀਆਂ ਐਡੀਸ਼ਨਾਂ ਵਿੱਚ ਇਸ ਤਰ੍ਹਾਂ ਸੋਧ ਕਰ ਦਿੱਤੀ ਗਈ:

ਭੋਗ ਮੁੰਦਾਵਣੀ ਉੱਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ 'ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)।

ਸਿੱਖ ਰਹਿਤ ਮਰਯਾਦਾ, ਧਰਮ ਪ੍ਰਚਾਰ ਕਮੇਟੀ, ਸ਼੍ਰੋ: ਗੁ: ਪ੍ਰ: ਕਮੇਟੀ

ਸਾਹਿਤਕ ਤੌਰ 'ਤੇ ਦੋ ਵਿਚਾਰਾਂ ਕਰਨੀਆਂ ਬਣਦੀਆਂ ਹਨ:

  1. ਕੀ ਰਾਗਮਾਲਾ ਗੁਰੂ ਕ੍ਰਿਤ ਹੈ?
  2. ਕੀ ਇਹ ਸਤਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚੜ੍ਹਾਈ?

ਰਾਗਮਾਲਾ ਦਾ ਢਾਂਚਾ

  1. ਭੈਰਉ ਰਾਗ
    • ਵਹੁਟੀਆਂ-ਭੈਰਵੀ, ਬਿਲਾਵਲੀ, ਪੁੰਨਿਆਕੀ, ਬੰਗਲੀ ਅਸਲੇਖੀ।
    • ਪੁੱਤ-ਪੰਚਮ, ਹਰਖ, ਦਿਸਾਖ, ਬੰਗਾਲਮ, ਮਧੁ, ਮਾਧਵ ।੧।
    • (ਦੋਹਿਰਾ) ਲਲਤ, ਬਿਲਾਵਲ।੧।
  2. ਮਾਲਕਉਸਕ
    • (ਚੌਪਈ) ਵਹੁਟੀਆਂ-ਗੋਡਕਰੀ, ਦੇਵਗੰਧਾਰੀ, ਗੰਧਾਰੀ, ਸੀਹੁਤੀ, ਧਨਾਸਰੀ।
    • ਪੁੱਤ-ਮਾਰੂ, ਮਸਤਅੰਗ, ਮੇਵਾਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ ।੧।
  3. ਹਿੰਡੋਲ
    • (ਸੋਰਠਾ) ਪੰਜ ਵਹੁਟੀਆਂ, ਅੱਠ ਪੁੱਤ।
    • (ਚੌਪਈ) ਵਹੁਟੀਆਂ-ਤੇਲੰਗੀ, ਦੇਵਕਰੀ, ਬਸੰਤੀ, ਸੰਦੂਰ, ਸਹਸ ਅਹੀਰੀ।
    • ਪੁੱਤ-ਸੁਰਮਾਨੰਦ, ਭਾਸਕਰ, ਚੰਦ੍ਰਬਿੰਬ, ਮੰਗਲਨ, ਸਰਸ ਬਾਨ, ਬਿਨੋਦਾ, ਬਸੰਤ, ਕਮੋਦਾ।
  4. ਦੀਪਕ
    • (ਦੋਹਿਰਾ) ਵਹੁਟੀਆਂ-ਕਛੇਲੀ, ਪਟਮੰਜਰੀ, ਟੋਡੀ, ਕਾਮੋਦੀ, ਗੂਜਰੀ।
    • (ਚੌਪਈ) ਪੁੱਤ-ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗਉਰਾ, ਕਾਨਰਾ, ਕਲ੍ਹਾਨਾ ।੧।
  5. ਸਿਰੀਰਾਗ
    • (ਚੌਪਈ) ਵਹੁਟੀਆਂ-ਬੈਰਾਰੀ, ਕਰਨਾਟੀ, ਗਵਰੀ, ਆਸਾਵਰੀ, ਸਿੰਧਵੀ ।੧।
    • (ਦੋਹਿਰਾ) ਪੁੱਤ-ਸਾਲੂ, ਸਾਰਗ, ਸਾਗਰਾ, ਗੋਡ, ਗੰਭੀਰ, ਗੁੰਡ, ਕੁੰਮ, ਹਮੀਰ ।੧।
  6. ਮੇਘ ਰਾਗ
    • (ਚੌਪਈ) ਵਹੁਟੀਆਂ-ਸੋਰਠਿ, ਗੋਡ, ਮਲਾਰੀ, ਆਸਾ, ਸੂਹਉ ।੧।
    • (ਚੌਪਈ) ਪੁੱਤ-ਬੈਰਾਧਰ, ਗਜਧਰ, ਕੇਦਾਰਾ, ਜਬਲੀਧਰ, ਨਟ, ਜਲਧਾਰਾ, ਸੰਕਰ, ਸਿਆਮਾ ।੧।

ਹੇਠ ਲਿਖੇ ਨੁਕਤੇ ਠੰਡੇ ਦਿਲ ਨਾਲ ਵਿਚਾਰੇ ਜਾਣੇ ਚਾਹੀਦੇ ਹਨ:

  1. ਰਾਗਮਾਲਾ ਸਿਰਫ਼ ਰਾਗਾਂ ਦੀ ਲਿਸਟ ਹੈ, ਇਸ ਵਿੱਚ ਆਤਮਿਕ ਗਿਆਨ ਤਾਂ ਭੋਰਾ ਵੀ ਨਹੀਂ। ਜਿਹੜੇ ਵਿਅਕਤੀ ਰਾਗਮਾਲਾ ਦੇ ਤਥਾ-ਕਥਿਤ ਅੰਤ੍ਰੀਵ ਅਰਥ ਕਰਦੇ ਹਨ ਅਤੇ ਸ਼ਬਦਾਂ ਨੂੰ ਮਨ-ਮਰਜ਼ੀ ਨਾਲ ਤੋੜ-ਮਰੋੜ ਕੇ ਇਸ ਤੋਂ ਆਤਮਿਕ ਗਿਆਨ ਦਾ ਉਪਦੇਸ਼ ਮੰਨਦੇ ਹਨ, ਉਹ ਅਰਥ ਵਿਆਕਰਣ ਅਨੁਸਾਰ ਕਤੱਈ ਠੀਕ ਨਹੀਂ ਮੰਨੇ ਜਾ ਸਕਦੇ। ਉਹ ਵਿਅਕਤੀ ਅੱਖਰਾਂ, ਸ਼ਬਦਾਂ ਤੇ ਲਗਾਂ ਮਾਤਰਾਂ ਨੂੰ ਤੋੜ-ਮਰੋੜ ਕੇ ਕੁੱਝ ਦਾ ਕੁੱਝ ਬਣਾ ਦਿੰਦੇ ਹਨ। ਉਹ ਵਿਆਕਰਣਿਕ ਨਿਯਮਾਂ ਦੀ ਜਖਣਾ ਪੁੱਟ ਕੇ ਅਰਥ ਦਾ ਅਨਰਥ ਕਰ ਦਿੰਦੇ ਹਨ ਤੇ ਪੱਲੇ ਕਿਸੇ ਦੇ ਫਿਰ ਵੀ ਕੁੱਝ ਨਹੀਂ ਪੈਂਦਾ।
  2. ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਹੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਰਾਗ, ਉਸ ਦੀ ਵਹੁਟੀ, ਪੁੱਤ, ਧੀ ਅਤੇ ਨੂੰਹ ਲਈ ਸ਼ਬਦ 'ਰਾਗੁ' ਵਰਤਿਆ ਹੈ, ਜੋ ਪੁਲਿੰਗ, ਇਕ-ਵਚਨ ਹੈ। ਸੌ ਗੁਰੂ ਸਾਹਿਬਾਨ ਦੇ ਦ੍ਰਿਸ਼ਟੀ-ਕੋਣ ਤੋਂ ਰਾਗ ਤੇ ਰਾਗਣੀਆਂ ਦੀ ਵੰਡ ਕੋਈ ਮਹਾਨਤਾ ਨਹੀਂ ਰੱਖਦੀ। "ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ" (ਅੰਗ ੯੧੭) ਦਾ ਭਾਵ ਇਹ ਹੈ ਕਿ ਸਤਿਗੁਰੂ ਦੇ ਮੇਲ ਨਾਲ ਮਨ ਨੂੰ ਅਕਹਿ ਅਨੰਦ ਹੋ ਰਿਹਾ ਹੈ ਅਤੇ ਮਨ ਸਹਿਜ ਅਵਸਥਾ ਵਿੱਚ ਇਉਂ ਸਿਫ਼ਤਿ-ਸਾਲਾਹ ਕਰ ਰਿਹਾ ਹੈ ਕਿ, ਵਾਹਿਗੁਰੂ ਦੀ ਮਾਨੋ ਸੋਹਣੀਆਂ ਰਾਗਣੀਆਂ ਆਪਣੇ ਪਤੀਆਂ ਸੋਹਣੇ ਰਾਗਾਂ ਤੇ ਪਰਵਾਰਾਂ ਸਮੇਤ ਸਿਫ਼ਤਿ-ਸਾਲਾਹ ਕਰਨ ਆਈਆਂ ਹਨ।

    ਕਿਸੇ ਇੰਦਰਪੁਰੀ ਤੋਂ ਕੋਈ ਪਰੀਆਂ ਨਹੀਂ ਆਉਂਦੀਆਂ। ਗੁਰਸਿੱਖਾਂ ਲਈ ਇੰਦਰ, ਇੰਦਰਪੁਰੀ ਅਤੇ ਪਰੀਆਂ ਦੀ ਕੋਈ ਮਹਾਨਤਾ ਨਹੀਂ। ਰਾਗਾਂ ਦਾ ਕੋਈ ਭੌਤਿਕ ਸਰੀਰ ਨਹੀਂ, ਸੋ ਉਨ੍ਹਾਂ ਨੂੰ ਹਿੰਦੂ, ਸਿੱਖ ਜਾਂ ਮੁਸਲਿਮ ਆਦਿਕ ਨਹੀਂ ਸਮਝਣਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਨਾਹਦ ਸ਼ਬਦ, ਅਨਹਦ ਸ਼ਬਦ, ਅਨਾਹਤ ਸ਼ਬਦ, ਅਨਹਤ ਨਾਦ, ਅਨਹਦ ਨਾਦ, ਅਨਹਦ ਬਾਣੀ, ਅਨਹਤ ਬਾਣੀ ਜਾਂ ਪੰਚ ਸ਼ਬਦ ਦਾ ਜ਼ਿਕਰ ਆਉਂਦਾ ਹੈ, ਉਹ ਵੀ ਮਨ ਦੀ ਵਿਸਮਾਦ ਅਵਸਥਾ ਵਰਣਨ ਕਰਨ ਦੇ ਰਾਗ-ਮਈ ਸੰਕੇਤ ਹਨ। ਸਾਡੇ ਅੰਦਰ ਉਹ ਇਕ-ਰਸ-ਖੁਸ਼ੀ ਆਉਂਦੀ ਹੈ, ਮਾਨੋ ਸ਼੍ਰੇਸ਼ਟ ਕਿਸਮ ਦੇ ਵਾਜੇ ਸੁਣ ਕੇ ਆ ਰਹੀ ਹੋਵੇ।

    ਸਾਡੇ ਅੰਦਰ ਢੋਲਕੀਆਂ ਚਿਮਟੇ ਨਹੀਂ ਵੱਜ ਰਹੇ। ਹਰੇਕ ਤਰ੍ਹਾਂ ਦੇ ਵਾਜੇ ਤਾਂ ਅਸੀਂ ਆਪ ਵਜਾ ਕੇ ਸੁਣ ਸਕਦੇ ਹਾਂ। ਅੰਦਰਲੇ ਵਾਜੇ, ਸ਼ਬਦ, ਨਾਦ, ਧੁਨਾਂ ਵਜਾਇਆਂ ਨਹੀਂ ਵੱਜਦੀਆਂ, ਇਹ ਰੌ ਤਾਂ ਅਨਹਦ ਝੁਨਕਾਰਾਂ ਰਾਹੀਂ ਅਨੁਭਵ ਹੀ ਹੁੰਦੀ ਹੈ। ਸੰਖ, ਬੰਸਰੀ, ਛੈਣੇ, ਮ੍ਰਿਦੰਗ ਆਦਿ ਦੀਆਂ ਅਵਾਜ਼ਾਂ ਦੇ ਚਸਕਾਲੂਆਂ ਨੂੰ ਸਿਰਫ ਉਹੋ ਜਿਹੇ ਵਾਜੇ ਸੁਣਦੇ ਹਨ ਜਿਹੋ ਜਿਹੇ ਉਨ੍ਹਾਂ ਹੱਥੀਂ ਵਜਾਏ, ਕੰਨੀਂ ਸੁਣੇ ਹੋਣ, ਅਣਸੁਣੀ ਆਵਾਜ਼ ਦਾ ਅਨੁਭਵ ਦਿਮਾਗ ਨੂੰ ਅਥਵਾ ਮਨ ਨੂੰ ਨਹੀਂ ਹੋ ਸਕਦਾ, ਇਸੇ ਲਈ ਪੰਜ ਪੰਜ ਕਿਸਮ ਦੇ ਪੰਜ ਸ਼ਬਦ ਮੰਨੇ ਗਏ ਹਨ ਅਤੇ ਇਉਂ ਪੰਝੀ ਸ਼ਬਦ ਹੋ ਜਾਂਦੇ ਹਨ।

  3. ਸਿਰਲੇਖ 'ਰਾਗਮਾਲਾ' ਤੋਂ ਜਾਂ ਕਿਸੇ ਅਗਲੇ ਪਿਛਲੇ ਹਵਾਲੇ ਤੋਂ ਇਹ ਜ਼ਾਹਿਰ ਨਹੀਂ ਹੁੰਦਾ ਕਿ ਇਹ ਕਿਸੇ ਗੁਰ-ਵਿਅਕਤੀ, ਭਗਤ ਜਾਂ ਭੱਟ ਦੀ ਬਾਣੀ ਹੋਵੇ।
  4. ਰਾਗਮਾਲਾ ਦੀ ਪਹਿਲੀ ਚੌਪਈ ਦੇ ਦਸ ਚਰਨ ਹਨ। ਪਿੰਗਲ ਅਨੁਸਾਰ ਚਾਹੀਦੇ ਸਨ ਅੱਠ ਜਾਂ ਫਿਰ ਬਾਰਾਂ।
  5. ਪਹਿਲੀ ਚੌਪਈ ਵਿੱਚ ਹੀ ਭੈਰਉ ਰਾਗ ਦੇ ਪੁੱਤਾਂ ਦੇ ਨਾਉਂ ਨਹੀਂ ਮੁਕਾਏ ਗਏ ਅਤੇ ਅਗਲਾ ਦੋਹਿਰਾ ਵੀ ਇਸੇ ਕੰਮ ਲਈ ਵਰਤਿਆ ਗਿਆ ਹੈ। ਇਹ ਵਿਉਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ। ਚੌਪਈ ਲੰਬੀ ਹੋਣ ਕਰਕੇ ਸਾਰੇ ਹੀ ਪੁੱਤ ਵਿੱਚੇ ਲਿਆਂਦੇ ਜਾ ਸਕਦੇ ਹਨ।
  6. 'ਗੋਂਡ' ਸਿਰੀਰਾਗ ਦਾ ਪੁੱਤ ਵੀ ਹੈ - "ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ"। ਪਰ 'ਗੋਂਡ' ਮੇਘ ਰਾਗ ਦੀ ਵਹੁਟੀ ਵੀ ਹੈ - "ਸੋਰਠਿ ਗੋਂਡ ਮਲਾਰੀ ਧੁਨੀ"। ਇਹ ਗੱਲ ਬੜੀ ਅਜੀਬ ਹੈ। ਇਸ ਝਟਪਟੇ ਲਿੰਗ ਪਰਿਵਰਤਣ ਦਾ ਕੀ ਕਾਰਨ? ਲਿਖਾਰੀ ਨੇ ਇੰਜ ਕਿਉਂ ਕੀਤਾ? ਆਲਮ ਕਵੀ ਦੀ ਰਾਗਮਾਲਾ ਦੇ ਹਿੰਦੀ ਨੁਸਖੇ ਵਿਚ ਸਿਰੀ ਰਾਗ ਦੇ ਪੁੱਤ ਦਾ ਨਾਉਂ 'ਗਵਾਰਾ' ਲਿਖਿਆ ਹੈ ਅਤੇ ਮੇਘ ਰਾਗ ਦੀ ਵਹੁਟੀ ਦਾ ਨਾਉਂ 'ਕੁੰਭਨੀ', ਪਰ ਗੁਰਮੁਖੀ ਨੁਸਖ਼ਿਆਂ ਵਿੱਚ ਇਹੀ ਗ਼ਲਤੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅੰਤਲੀ ਰਾਗਮਾਲਾ ਵਿੱਚ ਹੈ।

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੇਠਲੇ 31 ਵੱਡੇ ਰਾਗ ਹਨ:
    ਸਿਰੀ ਰਾਗੁ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸੁ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲੁ, ਗੋਂਡ, ਰਾਮਕਲੀ, ਨਟ ਨਾਰਾਇਨ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤੁ, ਸਾਰੰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਤੇ ਜੈਜਾਵੰਤੀ।

    ਇਸ ਤੋਂ ਬਿਨਾਂ ਹੇਠ ਲਿਖੇ ਪੰਜ ਰਾਗ ਹੋਰ ਰਾਗਾਂ ਨਾਲ ਰਲਾ ਕੇ ਗਾਉਣ ਦੀ ਹਦਾਇਤ ਹੈ:
    ਲਲਤ, ਹਿੰਡੋਲ, ਭੋਪਾਲੀ, ਬਿਭਾਸ, ਕਾਫੀ।
    'ਆਸਾਵਰੀ' ਰਾਗ 'ਆਸਾ' ਦੇ ਵਿੱਚ ਹੀ ਦਰਜ ਹੈ।
    ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31+6=37 ਰਾਗਾਂ ਦਾ ਵਰਣਨ ਹੈ।

  7. ਰਾਗਮਾਲਾ ਵਿੱਚ ਦਿੱਤੇ ਗਏ ਵੱਡੇ 6 ਰਾਗਾਂ ਵਿੱਚ ਭੈਰਉ ਰਾਗ ਪਹਿਲਾ ਹੈ, ਪਰ ਇਹ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚੌਵੀਵਾਂ ਹੈ।
  8. ਰਾਗਮਾਲਾ ਵਿੱਚ ਦਿੱਤੇ ਗਏ 6 ਰਾਗਾਂ ਵਿੱਚ ਸਿਰੀ ਰਾਗ ਪੰਜਵਾਂ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸਭ ਤੋਂ ਪਹਿਲਾ ਹੈ?। ਜੇ ਰਾਗਮਾਲਾ ਗੁਰੂ ਕ੍ਰਿਤ ਹੁੰਦੀ ਤਾਂ ਉਹ ਰਾਗਮਾਲਾ ਵਿੱਚ ਵੀ ਇਸੇ ਰਾਗ ਨੂੰ ਹੀ ਪਹਿਲ ਦਿੰਦੇ?। ਸ਼ਿਵ ਮਤ ਤੇ ਕਾਲੀਨਾਥ (ਕ੍ਰਿਸ਼ਨ) ਮਤ ਵਾਲੇ ਵੀ ਤਾਂ ਸਿਰੀ ਰਾਗ ਨੂੰ ਹੀ ਪਹਿਲ ਦਿੰਦੇ ਹਨ।
  9. ਰਾਗਮਾਲਾ ਵਿੱਚ ਦਿੱਤੇ ਗਏ ਵੱਡੇ 6 ਰਾਗਾਂ ਵਿੱਚੋਂ ਚਾਰ ਰਾਗ - 'ਮਾਲਕਉਸਕ, ਹਿੰਡੋਲ, ਦੀਪਕ ਤੇ ਮੇਘ' ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਨ ਹੀ ਨਹੀਂ। ਹਾਂ, 'ਹਿੰਡੋਲ' ਨੂੰ 'ਬਸੰਤੁ' ਰਾਗ ਨਾਲ ਰਲਾ ਕੇ ਗਾਉਣ ਦੀ ਹਦਾਇਤ ਜਰੂਰ ਹੈ।
  10. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਗਏ 31 ਰਾਗਾਂ ਵਿੱਚੋਂ ਹੇਠਲੇ 9 ਰਾਗ ਇਸ ਰਾਗ-ਮਾਲਾ ਵਿੱਚ ਹਨ ਹੀ ਨਹੀਂ - 'ਮਾਝ, ਬਿਹਾਗੜਾ, ਵਡਹੰਸ, ਜੈਤਸਰੀ, ਰਾਮਕਲੀ, ਮਾਲੀ ਗਉੜਾ, ਤੁਖਾਰੀ, ਪ੍ਰਭਾਤੀ ਤੇ ਜੈਜਾਵੰਤੀ'।

    ਹੋਰਨਾਂ ਰਾਗਾਂ ਨਾਲ ਰਲਾ ਕੇ ਗਾਏ ਜਾਣ ਦੀ ਹਦਾਇਤ ਵਾਲੇ ਪੰਜ ਰਾਗਾਂ ਵਿੱਚੋਂ ਵੀ ਹੇਠ ਲਿਖੇ ਤਿੰਨ ਰਾਗ ਇਸ ਰਾਗਮਾਲਾ ਵਿੱਚ ਨਹੀਂ ਹਨ: 'ਭੋਪਾਲੀ, ਬਿਭਾਸ ਤੇ ਕਾਫੀ'।

    ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਣਾਏ ਗਏ 31+6=37 ਰਾਗਾਂ ਵਿੱਚੋਂ 12 ਰਾਗ ਇਸ ਰਾਗਮਾਲਾ ਵਿੱਚ ਨਹੀਂ ਅਤੇ ਇਸ ਵਿੱਚ 59 ਉਨ੍ਹਾਂ ਰਾਗਾਂ ਦਾ ਜ਼ਿਕਰ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਨ ਹੀ ਨਹੀਂ। ਕਿੰਨੀ ਹੈਰਾਨੀ ਦੀ ਗੱਲ ਹੈ! ਜੇ ਰਾਗਮਾਲਾ ਗੁਰੂ ਕ੍ਰਿਤ ਹੁੰਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਲੇ ਸਾਰੇ ਰਾਗ ਇਸ ਵਿੱਚ ਹੁੰਦੇ, ਨਾ ਕਿ ਉਨ੍ਹਾਂ ਵਿੱਚੋਂ ਸਿਰਫ਼ 25 ਰਾਗ ਹੀ ਹੁੰਦੇ।

ਆਓ ਹੁਣ ਦੂਜੀ ਵਿਚਾਰ ਵੱਲ। ਕੀ ਇਹ ਰਾਗਮਾਲਾ ਸ੍ਰੀ ਗੁਰੂ ਅਰਜਨ ਦੇਵ ਜੀ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚੜ੍ਹਾਈ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਗਏ ਸਾਰੇ ਅੰਕਾਂ ਦੀ ਇਕ ਖਾਸ ਵਿਉਂਤ ਹੈ?। ਇਹ ਵਿਉਂਤ ਇਉਂ ਹੈ:

ਹਰੇਕ ਸ਼ਬਦ ਪਦਿਆਂ ਵਿੱਚ ਵੰਡਿਆ ਹੋਇਆ ਹੈ ਤੇ ਹਰੇਕ ਪਦੇ ਦਾ ਵੱਖਰਾ ਅੰਕ ਹੈ। ਸ਼ਬਦ ਦੇ ਅੰਤ ਵਿੱਚ ਪਦਿਆਂ ਦਾ ਜੋੜ ਦੇ ਕੇ ਉਸ ਸ਼ਬਦ ਦਾ ਆਪਣਾ ਅੰਕ ਦਿੱਤਾ ਹੋਇਆ ਹੈ ਤੇ ਫਿਰ ਪਿਛਲੇ ਸ਼ਬਦਾਂ ਨੂੰ ਮਿਲਾ ਕੇ ਵੱਡਾ ਜੋੜ ਦਿੱਤਾ ਹੋਇਆ ਹੈ। ਕਈ ਸ਼ਬਦਾਂ ਦੇ ਪਦਿਆਂ ਦਾ ਅੰਕ ਨਹੀਂ ਦਿੱਤਾ ਹੋਇਆ, ਸਗੋਂ ਅੰਤ ਵਿੱਚ ਉਨ੍ਹਾਂ ਦਾ ਸਮੁੱਚਾ ਅੰਕ ਦਿੱਤਾ ਹੋਇਆ ਹੈ। ਲੰਮੀਆਂ ਬਾਣੀਆਂ ਪਉੜੀਆਂ ਵਿੱਚ ਵੰਡੀਆਂ ਹੋਈਆਂ ਹਨ ਤੇ ਹਰੇਕ ਪਉੜੀ ਦਾ ਵੱਖਰਾ ਅੰਕ ਦੇ ਕੇ ਅੰਤ ਵਿੱਚ ਸਮੁੱਚੀ ਬਾਣੀ ਦਾ ਅੰਕ ਦਿੱਤਾ ਹੋਇਆ ਹੈ। ਇਹ ਵਿਉਂਤ ਰਾਗਮਾਲਾ ਵਿੱਚ ਨਹੀਂ ਹੈ। ਰਾਗਮਾਲਾ ਚੜ੍ਹਾਉਣ ਵਾਲੇ ਵਿਅਕਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਅੰਕ-ਵਿਉਂਤ ਦਾ ਗਿਆਨ ਨਹੀਂ ਸੀ, ਨਹੀਂ ਤਾਂ ਉਹ ਹਰੇਕ ਬੰਦ ਮਗਰੋਂ '੧' ਅੰਕ ਜੜਨ ਦੀ ਮਹਾਨ ਭੁੱਲ ਨਾ ਕਰਦਾ। ਪਰ ਉਸ ਦੀ ਇਹ ਭੁੱਲ ਗੁਣਕਾਰੀ ਸਾਬਤ ਹੋਈ ਹੈ, ਕਿਉਂਕਿ ਇਸ ਨਾਲ ਪਤਾ ਲੱਗ ਗਿਆ ਹੈ ਕਿ ਇਹ ਰਾਗਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰਾਂ ਦੀ ਚੜ੍ਹਾਈ ਹੋਈ ਨਹੀਂ ਹੈ।


Copyright © 2021 Raagmala.net